Top News

ਨਗਰ ਨਿਗਮ ਕਪੂਰਥਲਾ ਅਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਲਈ 144 ਉਮੀਦਵਾਰਾਂ ਨੇ ਨਾਮਜ਼ਦਗੀਆਂ ਲਈਆਂ ਵਾਪਸ; ਹੁਣ 237 ਉਮੀਦਵਾਰ ਚੋਣ ਮੈਦਾਨ ਵਿੱਚ

 


ਕਪੂਰਥਲਾ, 19 ਮਈ: ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਗਰ ਨਿਗਮ ਕਪੂਰਥਲਾ ਅਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ  ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ ਅੱਜ ਮੁਕੰਮਲ ਹੋ ਗਈ ਹੈ।


 ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਅਕਾਸ਼ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਅੱਜ 19 ਮਈ ਦਿਨ ਮੰਗਲਵਾਰ ਨੂੰ ਦੁਪਹਿਰ 3 ਵਜੇ ਤੱਕ ਕੁੱਲ 144 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ, ਜਿਸ ਤੋਂ ਬਾਅਦ ਹੁਣ ਚੋਣ ਮੈਦਾਨ ਵਿੱਚ ਕੁੱਲ 237 ਯੋਗ ਉਮੀਦਵਾਰ ਚੋਣ ਲੜ ਰਹੇ ਹਨ। 


ਉਨ੍ਹਾਂ ਦੱਸਿਆ ਕਿ ਦੋਵਾਂ ਹੀ ਥਾਵਾਂ 'ਤੇ ਕੋਈ ਵੀ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਨਹੀਂ ਰਿਹਾ ਹੈ।


ਵੇਰਵਿਆਂ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਨਿਗਮ ਕਪੂਰਥਲਾ ਦੇ ਕੁੱਲ 50 ਵਾਰਡਾਂ ਲਈ 18 ਮਈ ਤੱਕ 301 ਯੋਗ ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ ਅੱਜ 119 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ ਅਤੇ ਹੁਣ ਇੱਥੇ 182 ਉਮੀਦਵਾਰ ਚੋਣ ਮੈਦਾਨ ਵਿੱਚ ਬਾਕੀ ਰਹਿ ਗਏ ਹਨ। 


ਇਸੇ ਤਰ੍ਹਾਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਕੁੱਲ 13 ਵਾਰਡਾਂ ਲਈ ਪਹਿਲਾਂ ਯੋਗ ਪਾਏ ਗਏ 80 ਉਮੀਦਵਾਰਾਂ ਵਿੱਚੋਂ 25 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ, ਜਿਸ ਸਦਕਾ ਹੁਣ ਚੋਣ ਲੜ ਰਹੇ ਯੋਗ ਉਮੀਦਵਾਰਾਂ ਦੀ ਗਿਣਤੀ 55 ਰਹਿ ਗਈ ਹੈ। ਇਸ ਪ੍ਰਕਾਰ  ਕੁੱਲ 63 ਵਾਰਡਾਂ ਵਿੱਚ ਪਹਿਲਾਂ ਮੌਜੂਦ 381 ਯੋਗ ਉਮੀਦਵਾਰਾਂ ਵਿੱਚੋਂ 144 ਦੇ ਹਟਣ ਮਗਰੋਂ ਹੁਣ ਕੁੱਲ 237 ਉਮੀਦਵਾਰ ਚੋਣ ਲੜਨਗੇ।


ਸ਼੍ਰੀ ਅਕਾਸ਼ ਬਾਂਸਲ ਨੇ ਚੋਣਾਂ ਦੇ ਅਗਲੇ ਪੜਾਅ ਬਾਰੇ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਹੁਣ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। 


ਉਨ੍ਹਾਂ ਦੱਸਿਆ ਕਿ ਚੋਣਾਂ ਲਈ ਵੋਟਾਂ ਪੈਣ ਦਾ ਕਾਰਜ 26 ਮਈ ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ 29 ਮਈ ਦਿਨ ਸ਼ੁੱਕਰਵਾਰ ਨੂੰ ਪ੍ਰਸ਼ਾਸਨ ਵੱਲੋਂ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ ਵਿਖੇ ਕੀਤੀ ਜਾਵੇਗੀ ਅਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ।


 ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਪੂਰੀ ਤਰ੍ਹਾਂ ਅਮਨ-ਅਮਾਨ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।





Post a Comment

Previous Post Next Post
Tribune Times News
Tribune Times News